ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦਿੱਲੀ ਵਿੱਚ ਚੋਣ ਜਿੱਤਣ ਤੋਂ ਬਾਅਦ ਆਪਣੇ ਮੁੱਖ ਮੰਤਰੀ ਵਜੋਂ 50 ਸਾਲਾ ਰੇਖਾ ਗੁਪਤਾ ਨੂੰ ਚੁਣਿਆ ਹੈ। ਇਸ ਦਾ ਐਲਾਨ ਭਾਪਜਾ ਵੱਲੋਂ 18 ਫ਼ਰਵਰੀ ਨੂੰ ਕੀਤਾ ਗਿਆ ਜਿਸ ਤੋਂ ਬਾਅਦ ਰੇਖਾ ਗੁਪਤਾ ਨੇ ਪਾਰਟੀ ਲੀਡਰਸ਼ਿਪ ਨਾਲ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੇਨਾ ਨਾਲ ਰਾਜ ਨਿਵਾਸ ਵਿਖੇ ਮੁਲਾਕਾਤ ਕਰਕੇ ਸੂਬੇ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਰੇਖਾ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਹੋਣਗੇ ਅਤੇ ਉਹ ਦਿੱਲੀ ਦੀ ਸ਼ਾਲੀਮਾਰਬਾਗ਼ ਵਿਧਾਨ ਸਭਾ ਸੀਟ ਤੋਂ ਵਿਧਾਇਕ ਚੁਣੀ ਗਈ। ਰੇਖਾ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੰਦਨਾ ਕੁਮਾਰੀ ਨੂੰ 29,595 ਵੋਟਾਂ ਨਾਲ ਹਰਾਇਆ।
ਆਪਣੀ ਚੋਣ ਤੋਂ ਬਾਅਦ ਰੇਖਾ ਗੁਪਤਾ ਨੇ ਕਿਹਾ, “ਮੈਨੂੰ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪਣ ਅਤੇ ਮੇਰੇ ਵਿੱਚ ਵਿਸ਼ਵਾਸ ਜਤਾਉਣ ਲਈ ਮੈਂ ਸਿਖਰਲੀ ਲੀਡਰਸ਼ਿਪ ਅਤੇ ਦਿੱਲੀ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਤੁਹਾਡਾ ਸਮਰਥਨ ਮੇਰੀ ਪ੍ਰੇਰਣਾ ਹੈ ਅਤੇ ਮੈਂ ਪੂਰੀ ਲਗਨ ਨਾਲ ਦਿੱਲੀ ਦੇ ਵਿਕਾਸ ਅਤੇ ਲੋਕ ਸੇਵਾ ਲਈ ਸਮਰਪਿਤ ਰਹਾਂਗੀ ।”
ਰੇਖਾ ਗੁਪਤਾ ਦੀ ਚੋਣ ਬਾਰੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, “ਮੈਂ ਸ਼੍ਰੀਮਤੀ ਰੇਖਾ ਗੁਪਤਾ ਜੀ ਨੂੰ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ 'ਤੇ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੰਦਾ ਹਾਂ। ਮੈਨੂੰ ਪੂਰਾ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਲੀ ਨੂੰ ਵਿਸ਼ਵ ਦੀਆਂ ਪ੍ਰਮੁੱਖ ਰਾਜਧਾਨੀਆਂ ਵਿੱਚੋਂ ਇੱਕ ਬਣਾਉਣ ਦਾ ਸੰਕਲਪ ਲਿਆ ਹੈ, ਉਸ ਦਿਸ਼ਾ ਵਿੱਚ ਤੁਸੀਂ ਸਮਰਪਣ ਨਾਲ ਕੰਮ ਕਰੋਗੇ। ਮੈਨੂੰ ਭਰੋਸਾ ਹੈ ਕਿ ਤੁਹਾਡੀ ਅਗਵਾਈ ਹੇਠਲੀ ਭਾਜਪਾ ਸਰਕਾਰ ਉਨ੍ਹਾਂ ਆਸਾਂ ਅਤੇ ਉਮੀਦਾਂ ਨੂੰ ਪੂਰਾ ਕਰਨ ਲਈ ਦਿਨ ਰਾਤ ਕੰਮ ਕਰੇਗੀ ਜੋ ਦਿੱਲੀ ਦੀਆਂ ਮਾਵਾਂ-ਭੈਣਾਂ ਨੇ ਭਾਜਪਾ ਨੂੰ ਬਖਸ਼ੀਆਂ ਹਨ।”
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਕਿਹਾ, “ਸ਼੍ਰੀਮਤੀ ਰੇਖਾ ਗੁਪਤਾ ਨੂੰ ਭਾਜਪਾ ਵਿਧਾਇਕ ਦਲ ਦੀ ਨੇਤਾ ਚੁਣੇ ਜਾਣ 'ਤੇ ਹਾਰਦਿਕ ਵਧਾਈਆਂ ਅਤੇ ਸ਼ੁੱਭਕਾਮਨਾਵਾਂ। ਮੈਨੂੰ ਪੂਰਾ ਭਰੋਸਾ ਹੈ ਕਿ ਤੁਹਾਡੀ ਯੋਗ ਅਗਵਾਈ ਵਿੱਚ ਦਿੱਲੀ ਵਿਕਾਸ ਅਤੇ ਚੰਗੇ ਸ਼ਾਸਨ ਦੀਆਂ ਨਵੀਆਂ ਉਚਾਈਆਂ ਵੱਲ ਵਧੇਗੀ। ਸਤਿਕਾਰਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ, ਤੁਸੀਂ ਦਿੱਲੀ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਪੂਰੀ ਲਗਨ ਨਾਲ ਕੰਮ ਕਰੋਗੇ। ਆਪ-ਦਾ ਤੋਂ ਰਾਹਤ ਦੇ ਕੇ ਦਿੱਲੀ ਨੂੰ ਵਿਕਾਸ, ਸਹੂਲਤਾਂ ਅਤੇ ਸਫ਼ਾਈ ਦੇ ਪੈਮਾਨੇ 'ਤੇ ਸਿਖਰ 'ਤੇ ਲਿਜਾਣਾ ਸਾਡਾ ਸੰਕਲਪ ਹੋਵੇਗਾ।”
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਪ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰੇਖਾ ਗੁਪਤਾ ਦੇ ਮੁੱਖ ਮੰਤਰੀ ਬਣਨ ਉੱਤੇ ਕਿਹਾ, “ਰੇਖਾ ਗੁਪਤਾ ਜੀ ਨੂੰ ਦਿੱਲੀ ਦੀ ਮੁੱਖ ਮੰਤਰੀ ਬਣਨ 'ਤੇ ਬਹੁਤ ਬਹੁਤ ਵਧਾਈਆਂ। ਮੈਨੂੰ ਉਮੀਦ ਹੈ ਕਿ ਉਹ ਦਿੱਲੀ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨਗੇ। ਅਸੀਂ ਦਿੱਲੀ ਦੇ ਲੋਕਾਂ ਦੇ ਵਿਕਾਸ ਅਤੇ ਭਲਾਈ ਲਈ ਹਰ ਕੰਮ ਵਿੱਚ ਉਨ੍ਹਾਂ ਦਾ ਸਾਥ ਦੇਵਾਂਗੇ।”
ਰੇਖਾ ਗੁਪਤਾ ਦਾ ਸਿਆਸੀ ਸਫ਼ਰ
ਰੇਖਾ ਗੁਪਤਾ ਨੇ ਸਿਆਸੀ ਸਫ਼ਰ ਦੀ ਸ਼ੁਰੂਆਤ 1994 ਵਿੱਚ ਦੌਲਤ ਰਾਮ ਕਾਲਜ ਵਿਖੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੀ ਸਕੱਤਰ ਵਜੋਂ ਕੀਤੀ। 1996 ਵਿੱਚ ਉਹ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਕੌਂਸਲ ਦੀ ਪ੍ਰਧਾਨ ਬਣੀ। 2004 ਤੋਂ 2006 ਤੱਕ ਭਾਜਪਾ ਯੁਵਾ ਮੋਰਚਾ ਦੀ ਰਾਸ਼ਟਰੀ ਸਕੱਤਰ ਰਹੀ। 2007 ਤੋਂ 2009 ਤੱਕ ਮਹਿਲਾ ਕਲਿਆਣ ਤੇ ਬਾਲ ਵਿਕਾਸ ਸਮਿਤੀ ਅਤੇ ਨਗਰ ਨਿਗਮ ਦਿੱਲੀ ਦੀ ਪ੍ਰਧਾਨ ਰਹੀ। 2009 ਵਿੱਚ ਦਿੱਲੀ ਭਾਜਪਾ ਮਹਿਲਾ ਮੋਰਚਾ ਦੀ ਜਨਰਲ ਸਕੱਤਰ ਬਣੀ। 2010 ਤੋਂ ਹੁਣ ਤੱਕ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੈਂਬਰ ਹੈ। 2007 ਤੋਂ 2012 ਤੱਕ ਉੱਤਰੀ ਪੀਤਮਪੁਰਾ ਵਾਰਡ 54 ਤੋਂ ਨਗਰ ਨਿਗਮ ਮੈਂਬਰ ਰਹੀ। 2015 ਅਤੇ 2020 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਬੰਦਨਾ ਕੁਮਾਰੀ ਤੋਂ ਹਾਰਨ ਤੋਂ ਬਾਅਦ, 2025 ਵਿੱਚ ਸ਼ਾਲੀਮਾਰ ਬਾਗ ਤੋਂ ਬੰਦਨਾ ਕੁਮਾਰੀ ਨੂੰ 29,595 ਵੋਟਾਂ ਨਾਲ ਹਰਾਉਂਦਿਆਂ, ਹੁਣ ਉਹ ਦਿੱਲੀ ਦੀ ਮੁੱਖ ਮੰਤਰੀ ਬਣ ਗਈ ਹੈ।
Comments
Start the conversation
Become a member of New India Abroad to start commenting.
Sign Up Now
Already have an account? Login