ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨੇ ਅੱਜ ਨਗਾਰਾ ਵਜਾ ਕੇ ਅੰਮ੍ਰਿਤਸਰ ਦੇ ਅਜਨਾਲਾ ਇਲਾਕੇ ਵਿੱਚ ਸਥਿਤ ਗੁਰਦੁਆਰਾ ਜਨਮ ਅਸਥਾਨ ਭਾਈ ਜੀਵਨ ਸਿੰਘ ਪਿੰਡ ਗੱਗੋ ਮਾਹਲ ਤੋਂ “ਖੁਆਰ ਹੋਏ ਸਭ ਮਿਲੈਂਗੇ” ਧਰਮ ਪ੍ਰਚਾਰ ਲਹਿਰ ਸ਼ੁਰੂ ਕਰ ਦਿੱਤੀ ਹੈ। ਇਹ ਲਹਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਤਰਫੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਵਿੱਚ ਵੱਡੀ ਗਿਣਤੀ ਵਿੱਚ ਨਗਰ ਅਤੇ ਇਲਾਕੇ ਦੀ ਸੰਗਤ ਨੇ ਸ਼ਮੂਲੀਅਤ ਕੀਤੀ। ਰਾਗੀ, ਢਾਡੀ ਤੇ ਕਵੀਸ਼ਰ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਨਾਲ ਜੋੜਿਆ। ਗੁਰਮਤਿ ਸਮਾਗਮ ਦੀ ਸਮਾਪਤੀ ਸਮੇਂ ਅਰਦਾਸ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਖੁਦ ਕੀਤੀ ਗਈ।
ਆਪਣੇ ਸੰਬੋਧਨ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ‘ਖੁਆਰ ਹੋਏ ਸਭ ਮਿਲੈਂਗੇ’ ਧਰਮ ਪ੍ਰਚਾਰ ਲਹਿਰ ਤਹਿਤ ਪੰਜਾਬ ਤੇ ਹੋਰ ਸੂਬਿਆਂ ਦੇ ਪਿੰਡ-ਪਿੰਡ ਸ਼ਹਿਰ-ਸ਼ਹਿਰ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦਿਆਂ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਤੇ ਸੰਦੇਸ਼ ਨੂੰ ਪਹੁੰਚਾਇਆ ਜਾਵੇਗਾ ਅਤੇ ਵੱਧ ਤੋਂ ਵੱਧ ਸੰਗਤ ਨੂੰ ਅੰਮ੍ਰਿਤਪਾਨ ਕਰਨ ਲਈ ਪ੍ਰੇਰਿਆ ਜਾਵੇਗਾ। ਉਨ੍ਹਾਂ ਕਿਹਾ ਸਿੱਖ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਅਤੇ ਸਿੱਖੀ ਬਾਣੇ ਨਾਲ ਜੁੜਨ ਲਈ ਪ੍ਰੇਰਣਾ ਕੀਤੀ ਜਾਵੇਗੀ। ਇਸ ਲਹਿਰ ਤਹਿਤ ਪੰਜਾਬ ਅੰਦਰ ਪਿਛਲੇ ਸਮੇਂ ਤੋਂ ਹੋ ਰਹੇ ਧਰਮ ਪਰਿਵਰਤਨ ਨੂੰ ਠੱਲ੍ਹਣ ਦੇ ਨਾਲ-ਨਾਲ ਸਿੱਖ ਜਥੇਬੰਦੀਆਂ ਵਿਚਕਾਰ ਇਕਜੁੱਟਤਾ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਲਹਿਰ ਤਹਿਤ ਲਗਾਤਾਰ ਇੱਕ ਸਾਲ ਪਿੰਡਾਂ ਤੇ ਸ਼ਹਿਰਾਂ ਦੇ ਗੁਰਦੁਆਰਾ ਸਾਹਿਬਾਨ ਵਿਖੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਪੜਾਅ ਦਰ ਪੜਾਅ ਸਮਾਗਮ ਕੀਤੇ ਜਾਣਗੇ ਅਤੇ ਸੰਗਤ ਕਰਕੇ ਪਰਿਵਾਰਾਂ ਨੂੰ ਗੁਰਬਾਣੀ ਤੇ ਗੁਰਮਤਿ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਖੁਦ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਵਿੱਚ ਜਾਣਗੇ ਅਤੇ ਸਿੱਖੀ ਦਾ ਪ੍ਰਚਾਰ ਕਰਨਗੇ ਤੇ ਸਿੱਖੀ ਤੋਂ ਦੂਰ ਹੋਏ ਭੈਣ ਭਰਾਵਾਂ ਨੂੰ ਨਾਲ ਜੋੜਨ ਲਈ ਯਤਨ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸਿੱਖ ਵਿਰੋਧੀ ਡੇਰਾਵਾਦ ਵੀ ਇੱਕ ਵੱਡੀ ਸਮੱਸਿਆ ਹੈ ਜਿਸ ਨੂੰ ਇਕਜੁੱਟਤਾ ਨਾਲ ਠੱਲ੍ਹਣ ਦੀ ਲੋੜ ਹੈ। ਅੱਜ ਤੋਂ ਲਗਭਗ 100 ਸਾਲ ਪਹਿਲਾਂ ਜਦੋਂ ਚਾਰ ਸਿੱਖਾਂ ਨੇ ਅੰਮ੍ਰਿਤਸਰ ਵਿੱਚ ਐਲਾਨ ਕੀਤਾ ਕਿ ਉਹ ਧਰਮ ਪਰਿਵਰਤਨ ਕਰ ਰਹੇ ਹਨ ਤਾਂ ਉਸ ਸਮੇਂ ਦੇ ਉੱਘੇ ਸਿੱਖ ਵਿਦਵਾਨਾਂ ਨੇ ਸਮੁੱਚਾ ਸਿੱਖ ਪੰਥ ਇਕੱਠਾ ਕੀਤਾ ਤੇ ਸਿੰਘ ਸਭਾ ਲਹਿਰ ਸ਼ੁਰੂ ਕੀਤੀ ਸੀ। ਇਹ ਸਚਾਈ ਹੈ ਕਿ ਅੱਜ ਪੰਜਾਬ ਵਿੱਚ ਵੱਡੇ ਪੱਧਰ ਉੱਤੇ ਐਸੀਆਂ ਸਾਜ਼ਸ਼ਾਂ ਚੱਲੀਆਂ ਜਾ ਰਹੀਆਂ ਹਨ ਕੇ ਸਿੱਖੀ ਦੀ ਘੱਟ ਸਮਝ ਰੱਖਣ ਵਾਲੇ ਸਿੱਖ ਪਰਿਵਾਰਾਂ ਦਾ ਧਰਮ ਪਰਿਵਰਤਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੱਚਾ ਸਿੱਖ ਬੰਦ ਬੰਦ ਕਟਵਾ ਲੈਂਦਾ ਹੈ ਪਰ ਸਿੱਖੀ ਨਹੀਂ ਛੱਡਦਾ। ਪੰਜਾਬ ਅੰਦਰ ਪਤਿਤਪੁਣੇ ਤੇ ਨਸ਼ਿਆਂ ਦਾ ਵਹਿਣ ਹੈ ਪਰ ਗੁਰੂ ਨੇ ਸਾਨੂੰ ਸਾਬਤ ਸੂਰਤ ਰਹਿਣ ਦੀ ਰਹਿਤ ਬਖ਼ਸ਼ੀ ਹੈ ਤੇ ਨਸ਼ਾ ਕੇਵਲ ਭੋਜਨ ਤੇ ਗੁਰਬਾਣੀ ਦਾ ਰੱਖਣ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕੀ ਅਰਦਾਸ ਤੋਂ ਬਾਅਦ ਪੜ੍ਹੇ ਜਾਣ ਵਾਲੇ ਦੋਹਰੇ ਦਾ ਬਹੁਤ ਵੱਡਾ ਮਹੱਤਵ ਹੈ, ਇਸ ਵਿੱਚ ਕਿਹਾ ਜਾਂਦਾ ਹੈ ਕਿ ਖੁਆਰ ਹੋਏ ਸਭ ਮਿਲੈਂਗੇ। ਅੱਜ ਅਸੀਂ ਖੁਆਰ ਹੋਏ ਹਾਂ ਪਰ ਅਸੀਂ ਦੁਬਾਰਾ ਇਕੱਤਰ ਹੋਵਾਂਗੇ, ਅਸੀਂ ਪਿੰਡ-ਪਿੰਡ ਪਹੁੰਚ ਕੇ ਆਪਣੇ ਪਰਿਵਾਰਾਂ ਵਿੱਚ ਬੈਠਾਂਗੇ ਉਨ੍ਹਾਂ ਦੀ ਗੱਲ ਸੁਣਾਂਗੇ। ਗੁਰੂ ਸਾਹਿਬ ਦੇ ਫ਼ਲਸਫ਼ੇ ਵਿੱਚ ਕੋਈ ਭੇਦਭਾਵ ਨਹੀਂ ਹੈ ਅਸੀਂ ਸਭ ਗੁਰਭਾਈ ਹਾਂ ਅਤੇ ਇੱਕ ਸਾਂਝਾ ਪਰਿਵਾਰ ਹਾਂ। ਭੁੱਲੇ ਭਟਕੇ ਲੋਕਾਂ ਨੂੰ ਝੂਠੇ ਦਿਲਾਸੇ, ਲਾਲਚ ਵੱਸ ਅਤੇ ਪਖੰਡਵਾਦ ਰਾਹੀਂ ਭਰਮਾ ਲਿਆ ਜਾਂਦਾ ਹੈ ਪਰ ਸੱਚਾ ਸਿੱਖ ਹਮੇਸ਼ਾ ਸਿੱਖੀ ਵਿੱਚ ਪ੍ਰਪੱਕ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਦਾ ਇੱਕ ਵੱਡਾ ਕਾਰਨ ਹੈ ਕਿ ਅੱਜ ਅਸੀਂ ਗੁਰੂ ਤੋਂ ਦੂਰ ਹੋ ਗਏ ਹਾਂ।
ਉਨ੍ਹਾਂ ਕਿਹਾ ਕਿ ਪੰਜਾਬ ਬਾਰੇ ਗਲਤ ਬਿਰਤਾਂਤ ਘੜਿਆ ਜਾਂਦਾ ਹੈ ਕਿ ਇੱਥੇ ਜਾਤੀ ਵਿਤਕਰਾ ਹੈ ਪਰ ਇਹ ਗੁਰੂ ਸਾਹਿਬਾਨ ਦੀ ਧਰਤੀ ਹੈ ਇੱਥੇ ਅਜਿਹਾ ਨਹੀਂ ਹੈ। ਪੰਜਾਬ ਅੰਦਰ ਰਗਰੇਟੇ ਸਿੱਖਾਂ ਨੂੰ ਵੱਖ ਕਰਨ ਦਾ ਵੀ ਬਿਰਤਾਂਤ ਸਾਜ਼ਸ਼ ਤਹਿਤ ਚਲਾਇਆ ਗਿਆ ਸੀ ਪਰ ਸਿੱਖ ਇਸ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਸਿੱਖਾਂ ਵਿੱਚ ਆਪਸੀ ਖਾਨਾਜੰਗੀ ਨੂੰ ਵੀ ਰੋਕਣ ਦੀ ਲੋੜ ਹੈ, ਅੱਜ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਉਨ੍ਹਾਂ ਉੱਤੇ ਕਾਬਜ਼ ਹੋਣ ਦੀਆਂ ਸਾਜ਼ਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ ਦਸਵੰਧ ਕੱਢਣ ਦਾ ਸਿਧਾਂਤ ਬਖਸ਼ਿਆ ਹੈ ਅਤੇ ਹਰ ਇਲਾਕੇ ਵਿੱਚ ਸਿੱਖ ਸੰਗਤ ਦਾ ਫਰਜ਼ ਬਣਦਾ ਹੈ ਕੀ ਦਸਵੰਧ ਕੱਢ ਕੇ ਲੋੜਵੰਦ ਪਰਿਵਾਰਾਂ ਦੀ ਸਾਰਥਕ ਢੰਗ ਨਾਲ ਸਿੱਧੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਤੋਂ ਪੰਜਾਬ ਦੇ ਲੋੜਵੰਦਾਂ ਲਈ ਦਸਵੰਧ ਕੱਢਣ ਵਾਲੇ ਸਿੱਖ ਪਰਿਵਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਵੱਲੋਂ ਭੇਜਿਆ ਦਸਵੰਧ ਸਹੀ ਜਗ੍ਹਾ ਪਹੁੰਚ ਰਿਹਾ ਹੈ ਜਾਂ ਨਹੀਂ। ਉਨ੍ਹਾਂ ਸੰਗਤ ਨੂੰ ਕਿਹਾ ਕਿ ਅਸੀਂ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਦੇ ਵਾਰਿਸ ਹਾਂ ਇਸ ਲਈ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਲਈ ਅੱਗੇ ਆਈਏ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਸ. ਅਮਰੀਕ ਸਿੰਘ ਵਿਛੋਆ ਨੇ ਧਰਮ ਪ੍ਰਚਾਰ ਲਹਿਰ ਅਜਨਾਲਾ ਹਲਕੇ ਤੋਂ ਲਹਿਰ ਸ਼ੁਰੂ ਕਰਨ ਲਈ ਸਿੰਘ ਸਾਹਿਬ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਧਰਮ ਪਰਿਵਰਤਨ ਦੀ ਸਮੱਸਿਆ ਹੈ ਅਤੇ ਸਿੱਖੀ ਧਰਮ ਪ੍ਰਚਾਰ ਲਹਿਰ ਤਹਿਤ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਉਨ੍ਹਾਂ ਆਪਣੇ ਸੁਝਾਅ ਵੀ ਦਿੱਤੇ।
ਜਥੇਦਾਰ ਗੜਗੱਜ ਨੇ ਸ਼੍ਰੋਮਣੀ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਇਸ ਲਹਿਰ ਨੂੰ ਪ੍ਰਚੰਡ ਕਰਨ ਲਈ ਸਮੂਹ ਸਿੱਖ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਖਾਂ, ਸਿੰਘ ਸਭਾਵਾਂ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ।
ਇਹ ਲਹਿਰ ਸ਼ੁਰੂ ਕਰਨ ਤੋਂ ਪਹਿਲਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਛਬੀਲ ਬਾਬਾ ਬੁੱਢਾ ਜੀ ਵਿਖੇ ਜਲ ਦੀ ਸੇਵਾ ਵੀ ਕੀਤੀ।
ਗੱਗੋ ਮਾਹਲ ਵਿਖੇ ਸਮਾਗਮ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨੇ ਸੰਬੋਧਨ ਕਰਦਿਆਂ ਸੰਗਤ ਨੂੰ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਸਕੱਤਰ ਸ. ਬਿਜੈ ਸਿੰਘ, ਭਾਈ ਜੀਵਨ ਸਿੰਘ, ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੀ ਤਰਫੋਂ ਭਾਈ ਗੁਰਕਰਨ ਸਿੰਘ ਨੇ ਵੀ ਸੰਬੋਧਨ ਕੀਤਾ।
ਸਮਾਗਮ ਦੌਰਾਨ ਨਿਹੰਗ ਸਿੰਘ ਜਥੇਬੰਦੀਆਂ ਦੀ ਤਰਫੋਂ ਬਾਬਾ ਬਲਦੇਵ ਸਿੰਘ ਵੱਲ੍ਹਾ, ਬਾਬਾ ਲਵਪ੍ਰੀਤ ਸਿੰਘ ਅਨੰਦਪੁਰ ਸਾਹਿਬ, ਬਾਬਾ ਗੁਰਦੇਵ ਸਿੰਘ ਗੋਇੰਦਵਾਲ ਸਾਹਿਬ, ਬਾਬਾ ਜਸਬੀਰ ਸਿੰਘ ਮਜੀਠਾ ਰੋਡ ਹਾਜ਼ਰ ਸਨ।
Comments
Start the conversation
Become a member of New India Abroad to start commenting.
Sign Up Now
Already have an account? Login