ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਦਿੱਤਾ ਗਿਆ ਅਸਤੀਫ਼ਾ ਪਾਰਟੀ ਵੱਲੋਂ ਨਾ-ਮਨਜ਼ੂਰ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਤਾਜ਼ਾ ਲਏ ਗਏ ਫੈਸਲੇ ਮੁਤਾਬਕ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਅਸਤੀਫ਼ਾ ਵਾਪਸ ਲੈਣ ਲਈ ਕਹਿ ਦਿੱਤਾ ਗਿਆ ਹੈ।
ਜਾਰੀ ਪ੍ਰੈੱਸ ਨੋਟ ਮੁਤਾਬਕ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੁਖਬੀਰ ਬਾਦਲ ਨੂੰ ਆਪਣੇ ਅਸਤੀਫੇ 'ਤੇ ਮੁੜ ਵਿਚਾਰ ਕਰਨ ਲਈ ਆਖ ਦਿੱਤਾ ਹੈ। ਕਮੇਟੀ ਨੇ ਅਪੀਲ ਕੀਤੀ ਹੈ ਕਿ ਉਹ ਆਪਣੇ ਇਸ ਫ਼ੈਸਲੇ ਬਾਰੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰ ਲੈਣ। ਇਸ ਦੇ ਨਾਲ ਹੀ ਵਰਕਿੰਗ ਕਮੇਟੀ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਸੁਖਬੀਰ ਨੇ ਆਪਣਾ ਅਸਤੀਫ਼ਾ ਵਾਪਸ ਨਾ ਲਿਆ ਤਾਂ ਸਾਰੇ ਪਾਰਟੀ ਮੈਂਬਰ ਵੀ ਸਮੂਹਿਕ ਤੌਰ 'ਤੇ ਅਸਤੀਫ਼ਾ ਦੇ ਦੇਣਗੇ।
ਕਮੇਟੀ ਦਾ ਕਹਿਣਾ ਹੈ ਕਿ ਸਾਨੂੰ ਸੁਖਬੀਰ ਬਾਦਲ ਦੀ ਲੀਡਰਸ਼ਿਪ 'ਤੇ ਪੂਰਾ ਭਰੋਸਾ ਹੈ ਤੇ ਅਸੀਂ ਚਾਹੁਦੇ ਹਾਂ ਕਿ ਉਹ ਅੱਗੇ ਵੀ ਪ੍ਰਧਾਨ ਵਜੋਂ ਪਾਰਟੀ ਦੀ ਅਗਵਾਈ ਕਰਦੇ ਰਹਿਣ, ਇਹ ਇਸ ਵੇਲੇ ਦੀ ਮੁੱਖ ਲੋੜ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਅਸਤੀਫ਼ਾ ਦੇਣ ਮਗਰੋਂ ਦੋ ਦਿਨਾਂ ਵਿਚ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨਾਂ, ਹਲਕਾ ਇੰਚਾਰਜਾਂ, ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਯੂਥ ਅਕਾਲੀ ਦਲ ਤੇ ਇਸਤਰੀ ਅਕਾਲੀ ਦਲ ਦੇ ਮੈਂਬਰਾਂ ਤੋਂ ਅਣਗਿਣਤ ਫੋਨ ਆਏ ਹਨ। ਕੁਝ ਮੈਂਬਰਾਂ ਨੇ ਤਾਂ ਪਾਰਟੀ ਪ੍ਰਧਾਨ ਨਾਲ ਇਕਜੁੱਟਤਾ ਪ੍ਰਗਟ ਕਰਨ ਵਾਸਤੇ ਆਪੋ-ਆਪਣੇ ਅਸਤੀਫੇ ਵੀ ਭੇਜ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸਾਰੇ ਆਗੂ ਵਾਪਰ ਰਹੇ ਘਟਨਾਕ੍ਰਮ ਤੋਂ ਚਿੰਤਤ ਹਨ ਅਤੇ ਨਿੱਜੀ ਤੌਰ ’ਤੇ ਆਪਣਾ ਰੋਸ ਵੀ ਜ਼ਾਹਰ ਕਰ ਰਹੇ ਹਨ। ਇਨ੍ਹਾਂ ਆਗੂਆਂ ਨੇ ਕਮੇਟੀ ਨੂੰ ਆਖਿਆ ਹੈ ਕਿ ਉਹ ਸੁਖਬੀਰ ਨੂੰ ਉਨ੍ਹਾਂ ਦੀਆਂ ਭਾਵਨਾਵਾਂ ਤੋਂ ਜਾਣੂੰ ਕਰਵਾਉਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨਾਂ, ਹਲਕਾ ਇੰਚਾਰਜਾਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀਆਂ ਮੀਟਿੰਗਾਂ ਸੱਦ ਲਈਆਂ ਹਨ ਤਾਂ ਜੋ ਉਨ੍ਹਾਂ ਦੇ ਵਿਚਾਰ ਸੁਣੇ ਜਾ ਸਕਣ ਅਤੇ ਇਸ ਔਖੀ ਘੜੀ ਵਿਚ ਵਿਆਪਕ ਆਮ ਰਾਇ ਬਣਾਈ ਜਾ ਸਕੇ।
Comments
Start the conversation
Become a member of New India Abroad to start commenting.
Sign Up Now
Already have an account? Login