ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਚਲਾਉਣ ਲਈ ਬਣਾਈ ਗਈ 7-ਮੈਂਬਰੀ ਕਮੇਟੀ ਵਿੱਚੋਂ ਮੌਜੂਦ ਪੰਜ ਮੈਂਬਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਪੁੱਜ ਕੇ ਅਰਦਾਸ ਬੇਨਤੀ ਉਪਰੰਤ ਭਰਤੀ ਮੁਹਿੰਮ 18 ਮਾਰਚ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕਮੇਟੀ ਮੈਂਬਰਾਂ ਨੇ ਕਿਹਾ ਕਿ ਇਸੇ ਮਹੀਨੇ ਸ੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਤੋਂ ਬਾਅਦ 18 ਮਾਰਚ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਸ਼ੁਰੂ ਕਰ ਦਿੱਤੀ ਜਾਵੇਗੀ।
ਅੱਜ 4 ਮਾਰਚ ਨੂੰ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਇਕਬਾਲ ਸਿੰਘ ਝੂੰਦਾ, ਸੰਤਾ ਸਿੰਘ ਉਮੈਦਪੁਰੀ, ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਆਲੀ ਅਤੇ ਬੀਬੀ ਸਤਵੰਤ ਕੌਰ – ਸਵੇਰੇ ਕਰੀਬ 11.30 ਵਜੇ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਅਤੇ ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਅਰਦਾਸ ਬੇਨਤੀ ਕੀਤੀ। ਅਰਦਾਸ ਕਮੇਟੀ ਮੈਂਬਰ ਸੰਤਾ ਸਿੰਘ ਉਮੈਦਪੁਰੀ ਵੱਲੋਂ ਕੀਤੀ ਗਈ।
ਇਸ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਦੇ ਬਾਹਰ ਮੀਡੀਆ ਨਾਲ ਗੱਲ ਕਰਦਿਆਂ ਕਮੇਟੀ ਮੈਂਬਰ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ, “2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਹੁਕਮਨਾਮਾ ਸੁਣਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਲਈ 7-ਮੈਂਬਰੀ ਕਮੇਟੀ ਬਣਾਈ ਗਈ ਸੀ। ਉਸ ਕਮੇਟੀ ਵਿੱਚੋਂ ਅੱਜ ਪੰਜ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਅਰਦਾਸ ਬੇਨਤੀ ਕਰਕੇ ਓਟ ਆਸਰਾ ਲਿਆ ਹੈ ਕਿ ਗੁਰੂ ਸਾਹਿਬ ਸਾਡੇ ਪੰਜਾਂ ਦੇ ਸਿਰਾਂ ਉੱਪਰ ਮਿਹਰ ਭਰਿਆ ਹੱਥ ਰੱਖਣ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਮੁੱਚੀਆਂ ਪੰਥਕ ਸੰਸਥਾਵਾਂ, ਜਥੇਬੰਦੀਆਂ, ਸਿੰਘ ਸਭਾਵਾਂ ਜਾਂ ਹੋਰ ਅਕਾਲੀ ਦਲਾਂ ਦੇ ਸਹਿਯੋਗ ਨਾਲ ਇਹ ਭਰਤੀ ਪ੍ਰਕਿਰਿਆ ਅਸੀਂ ਸ਼ੁਰੂ ਕਰ ਸਕੀਏ। ਹੋਲੇ ਮਹੱਲੇ ਤੋਂ ਬਾਅਦ ਆਉਣ ਵਾਲੀ 18 ਮਾਰਚ ਤਰੀਕ ਨੂੰ ਅਕਾਲ ਤਖ਼ਤ ਸਾਹਿਬ ਤੋਂ ਹੀ ਅਰਦਾਸ ਬੇਨਤੀ ਕਰਕੇ ਭਰਤੀ ਮੁਹਿੰਮ ਸ਼ੁਰੂ ਕਰ ਦਿੱਤੀ ਜਾਵੇਗੀ। ਭਰਤੀ ਸਬੰਧੀ ਪਰਚੀਆਂ ਛਪਣ ਲਈ ਦੇ ਦਿੱਤੀਆਂ ਗਈਆਂ ਹਨ ਅਤੇ ਪਰਚੀ ਦਾ ਸੈਂਪਲ ਅੱਜ ਜਾਰੀ ਕਰ ਦਿੱਤਾ ਜਾਵੇਗਾ।”
ਇਆਲੀ ਨੇ ਆਸ ਪ੍ਰਗਟਾਈ ਕਿ ਇਸ ਭਰਤੀ ਮੁਹਿੰਮ ਵਿੱਚ ਸਮੁੱਚੀ ਸਿੱਖ ਸੰਗਤ ਅਤੇ ਖ਼ਾਲਸਾ ਪੰਥ ਦਾ ਉਨ੍ਹਾਂ ਨੂੰ ਸਹਿਯੋਗ ਮਿਲੇਗਾ।
ਇਆਲੀ ਨੇ ਸਪਸ਼ਟ ਕੀਤਾ ਕਿ ਪੰਜ ਮੈਂਬਰੀ ਕਮੇਟੀ ਦੀ ਟੀਮ ਆਪਣੇ ਨਿਜੀ ਹਿੱਤਾਂ ਤੋਂ ਉੱਪਰ ਉੱਠ ਕੇ ਨਿਰੋਲ ਪੰਥ ਅਤੇ ਪੰਜਾਬ ਦੇ ਹਿੱਤਾਂ ਦੇ ਲਈ ਕੰਮ ਕਰੇਗੀ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਜਨਵਰੀ ਤੇ ਫ਼ਰਵਰੀ ਮਹੀਨੇ ਵਿੱਚ ਕੀਤੀ ਗਈ ਭਰਤੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਇਆਲੀ ਨੇ ਕਿਹਾ, “ਸਾਨੂੰ ਜਥੇਦਾਰ ਸਾਹਿਬ ਦਾ ਜੋ ਹੁਕਮ ਹੈ, ਅਸੀਂ ਉਸ ਹੁਕਮ ਉੱਤੇ ਪਹਿਰਾ ਦੇਣਾ ਹੈ। ਅਸੀਂ ਪਾਰਦਰਸ਼ੀ ਢੰਗ ਦੇ ਨਾਲ ਅਧਾਰ ਕਾਰਡ ਨੰਬਰ ਤੇ ਮੋਬਾਈਲ ਨੰਬਰ ਸ਼ਾਮਲ ਕਰਕੇ ਭਰਤੀ ਕਰਾਂਗੇ। ਇਹ ਭਰਤੀ ਮੁਹਿੰਮ ਘੱਟੋ-ਘੱਟ ਛੇ ਮਹੀਨੇ ਚੱਲੇਗੀ। ਜਥੇਦਾਰ ਸਾਹਿਬ ਦੇ 2 ਦਸੰਬਰ ਦੇ ਆਦੇਸ਼ ਤੋਂ ਬਾਅਦ ਸ਼੍ਰੋਮਣੀ ਅਕਾਲੀ ਨੂੰ ਸਮੁੱਚੀ ਭਰਤੀ ਕਮੇਟੀ ਨੂੰ ਸੌਂਪ ਦੇਣੀ ਚਾਹੀਦੀ ਸੀ ਅਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਕੰਮ ਹੋਣਾ ਚਾਹੀਦਾ ਸੀ। ਅਕਾਲੀ ਦਲ ਵੱਲੋਂ ਆਪ ਕੀਤੀ ਗਈ ਭਰਤੀ ਬਾਰੇ ਅਜੇ ਅਸੀਂ ਕੁਝ ਨਹੀਂ ਕਹਿ ਸਕਦੇ, ਜਥੇਦਾਰ ਸਾਹਿਬਾਨ ਦਾ ਜੋ ਹੁਕਮ ਹੋਵੇਗਾ ਅਸੀਂ ਉਵੇਂ ਕਰਾਂਗੇ।”
ਇਆਲੀ ਸਪਸ਼ਟ ਕੀਤਾ ਕਿ ਭਰਤੀ ਨੂੰ ਅੱਗੇ ਵਧਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਵੀ ਵਿਚਾਰ ਕਰਕੇ ਸਹਿਯੋਗ ਲਿਆ ਜਾਵੇਗਾ। “ਸਾਡਾ ਏਜੰਡਾ ਸਿੱਖ ਸੰਸਥਾਵਾਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਜ਼ਬੂਤ ਕਰਨਾ ਹੈ। ਸਾਡਾ ਏਜੰਡਾ ਵਿਅਕਤੀ ਦੀ ਹੋਂਦ ਦੀ ਥਾਂ ਸੰਸਥਾਵਾਂ ਦੀ ਹੋਂਦ ਨੂੰ ਮਜ਼ਬੂਤ ਕਰਨਾ ਹੈ”, ਇਆਲੀ ਨੇ ਕਿਹਾ।
ਗਠਿਤ ਕੀਤੀ ਗਈ 7-ਮੈਂਬਰੀ ਕਮੇਟੀ ਵਿੱਚੋਂ ਦੋ ਮੈਂਬਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ –ਜਥੇਦਾਰ ਅਕਾਲ ਤਖ਼ਤ ਨੂੰ ਆਪਣਾ ਅਸਤੀਫ਼ਾ ਦੇ ਦਿੱਤਾ ਸੀ।
ਇਸ ਤੋਂ ਬਾਅਦ ਬੀਤੇ ਸਨਿਚਰਵਾਰ 1 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਮੇਟੀ ਦੇ ਬਾਕੀ ਪੰਜ ਮੈਂਬਰਾਂ ਨੂੰ ਦੁਬਾਰਾ ਆਦੇਸ਼ ਕੀਤਾ ਸੀ ਕਿ ਉਹ ਬਿਨਾਂ ਦੇਰੀ ਅਕਾਲੀ ਦਲ ਦੀ ਭਰਤੀ ਮੁਹਿੰਮ ਆਰੰਭ ਕਰਨ। ਇਸ ਤੋਂ ਬਾਅਦ ਕਮੇਟੀ ਮੈਂਬਰਾਂ ਨੇ ਐਲਾਨ ਕੀਤਾ ਸੀ ਕਿ ਉਹ 4 ਮਾਰਚ ਨੂੰ ਸ੍ਰੀ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਬੇਨਤੀ ਕਰਨ ਉਪਰੰਤ ਭਰਤੀ ਮੁਹਿੰਮ ਦਾ ਕਾਰਜ ਆਰੰਭ ਦੇਣਗੇ।
Comments
Start the conversation
Become a member of New India Abroad to start commenting.
Sign Up Now
Already have an account? Login