ਭਾਰਤੀ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੇ ਅਰਜਨਟੀਨਾ ਦੇ ਬਿਊਨਸ ਆਇਰਸ ਵਿੱਚ ਚੱਲ ਰਹੇ ਆਈਐਸਐਸਐਫ ਸ਼ੂਟਿੰਗ ਵਿਸ਼ਵ ਕੱਪ ਵਿੱਚ ਮਹਿਲਾ 50 ਮੀਟਰ ਰਾਈਫਲ ਈਵੈਂਟ ਵਿੱਚ ਸ਼ਾਨਦਾਰ ਵਾਪਸੀ ਕਰਦਿਆਂ ਭਾਰਤ ਲਈ ਪਹਿਲਾ ਸੋਨ ਤਗਮਾ ਜਿੱਤਿਆ। ਇਹ ਆਈਐਸਐਸਐਫ ਵਿਸ਼ਵ ਕੱਪ ਈਵੈਂਟ ਵਿੱਚ ਉਸਦਾ ਪਹਿਲਾ ਵਿਅਕਤੀਗਤ ਸੋਨ ਤਗਮਾ ਹੈ।
ਪੰਜਾਬ ਦੇ ਫਰੀਦਕੋਟ ਦੀ 23 ਸਾਲਾ ਨਿਸ਼ਾਨੇਬਾਜ਼ ਨੇ ਸ਼ੁੱਕਰਵਾਰ ਦੇਰ ਰਾਤ ਸ਼ੂਟਿੰਗ ਰੇਂਜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਰਮਨੀ ਦੀ ਅਨੀਤਾ ਮੈਂਗੋਲਡ ਤੋਂ 7.2 ਅੰਕਾਂ ਨਾਲ ਪਿੱਛੇ ਰਹਿੰਦਿਆਂ, ਸਿਫ਼ਤ ਨੇ ਪ੍ਰੋਨ ਅਤੇ ਸਟੈਂਡਿੰਗ ਪੋਜੀਸ਼ਨਾਂ ਵਿੱਚ ਸਨਸਨੀਖੇਜ਼ ਵਾਪਸੀ ਕੀਤੀ ਤੇ ਉਹ ਸਿਖਰ 'ਤੇ ਰਹੀ।
ਉਸਨੇ 45-ਸ਼ਾਟ ਫਾਈਨਲ ਵਿੱਚ 458.6 ਦੇ ਸਕੋਰ ਹਾਸਲ ਕੀਤਾ ਅਤੇ ਮੈਂਗੋਲਡ ਤੋਂ 3.3 ਅੰਕ ਅੱਗੇ ਰਹੀ, ਜਿਸਨੇ 455.3 ਦਾ ਸਕੋਰ ਕਰਕੇ ਚਾਂਦੀ ਦਾ ਤਗਮਾ ਜਿੱਤਿਆ। ਕਜ਼ਾਕਿਸਤਾਨ ਦੀ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਅਰੀਨਾ ਅਲਤੁਖੋਵਾ 44ਵੇਂ ਸ਼ਾਟ ਤੋਂ ਬਾਅਦ 445.9 ਦੇ ਸਕੋਰ ਨਾਲ ਬਾਹਰ ਹੋ ਗਈ ਅਤੇ ਉਸਨੂੰ ਕਾਂਸੀ ਨਾਲ ਸਬਰ ਕਰਨਾ ਪਿਆ।
ਏਜੰਸੀ ਦੀ ਰਿਪੋਰਟ ਦੇ ਅਨੁਸਾਰ ਇਸ ਜਿੱਤ ਨਾਲ ਭਾਰਤ ਨੂੰ ਟੂਰਨਾਮੈਂਟ ਵਿੱਚ ਆਪਣਾ ਪਹਿਲਾ ਸੋਨ ਤਗਮਾ ਹਾਸਲ ਹੋਇਆ ਹੈ, ਟੂਰਨਾਮੈਂਟ ਦੇ ਪਹਿਲੇ ਦਿਨ ਦੇਸ਼ ਬਿਨਾਂ ਕਿਸੇ ਤਗਮੇ ਦੇ ਰਿਹਾ। ਭਾਰਤ ਹੁਣ ਇੱਕ ਸੋਨ ਅਤੇ ਇੱਕ ਕਾਂਸੀ ਦੇ ਤਗਮੇ ਨਾਲ ਤਗਮਾ ਸੂਚੀ ਵਿੱਚ ਦੂਜੇ ਸਥਾਨ 'ਤੇ ਹੈ, ਦੂਜਾ ਤਗਮਾ ਪੁਰਸ਼ਾਂ ਦੇ 3ਫ ਈਵੈਂਟ ਵਿੱਚ ਚੈਨ ਸਿੰਘ ਨੇ ਕਾਂਸੀ ਦਾ ਪ੍ਰਾਪਤ ਕੀਤਾ। ਚੀਨ ਕੋਲ ਇੱਕ ਸੋਨ ਅਤੇ ਇੱਕ ਚਾਂਦੀ ਦਾ ਤਗਮਾ ਹੈ।
ਸਿਫਤ ਕੁਆਲੀਫਿਕੇਸ਼ਨ ਦੌਰ ਵਿੱਚ 590 ਦੇ ਸਕੋਰ ਨਾਲ ਸਿਖਰ 'ਤੇ ਰਹੀ ਸੀ, ਜਿਸ ਨਾਲ ਉਸ ਲਈ ਇੱਕ ਮਜ਼ਬੂਤ ਸ਼ੁਰੂਆਤ ਯਕੀਨੀ ਹੋਈ।ਸਵਿਟਜ਼ਰਲੈਂਡ ਦੀ ਮੌਜੂਦਾ ਓਲੰਪਿਕ ਚੈਂਪੀਅਨ ਚਿਆਰਾ ਲਿਓਨ ਅਤੇ ਸਾਬਕਾ ਓਲੰਪਿਕ ਚੈਂਪੀਅਨ ਨੀਨਾ ਕ੍ਰਿਸਟਨ ਚੋਟੀ ਦੇ ਅੱਠ ਵਿੱਚ ਜਗ੍ਹਾ ਬਣਾਉਣ ਵਿੱਚ ਅਸਫਲ ਰਹੀਆਂ। ਕਜ਼ਾਕਿਸਤਾਨ ਦੀ ਅਲੈਕਸੈਂਡਰਾ ਲੇ ਅਤੇ ਅਮਰੀਕਾ ਦੀ ਓਲੰਪਿਕ ਤਮਗਾ ਜੇਤੂ ਮੈਰੀ ਟਕਰ ਵਰਗੇ ਹੋਰ ਪ੍ਰਮੁੱਖ ਨਾਮ ਵੀ ਕੁਆਲੀਫਾਇਰ ਵਿੱਚ ਕੁਝ ਜਿਆਦਾ ਨਹੀ ਕਰ ਸਕੇ।
ਸਕੀਟ ਸ਼ੂਟਿੰਗ ਵਿੱਚ, ਚਾਰ ਕੁਆਲੀਫਿਕੇਸ਼ਨ ਦੌਰ ਪੂਰੇ ਹੋ ਗਏ ਹਨ। ਪੈਰਿਸ ਓਲੰਪੀਅਨ ਰਾਈਜ਼ਾ ਢਿੱਲੋਂ ਭਾਰਤੀ ਮਹਿਲਾ ਨਿਸ਼ਾਨੇਬਾਜ਼ਾਂ ਵਿੱਚ 25, 22, 24 ਅਤੇ 23 ਦੇ ਸਕੋਰ ਨਾਲ ਸਭ ਤੋਂ ਅੱਗੇ ਹੈ, ਕੁੱਲ 94 ਅੰਕ ਹਨ ਅਤੇ ਉਹ ਛੇਵੇਂ ਸਥਾਨ 'ਤੇ ਹੈ, ਜੋ ਕਿ ਅੰਤਿਮ ਕੁਆਲੀਫਾਇੰਗ ਪੋਜੀਸ਼ਨ ਲਈ ਕਾਫ਼ੀ ਹੈ। ਗਨੇਮਤ ਸੇਖੋਂ 92 ਅੰਕਾਂ ਨਾਲ 11ਵੇਂ ਸਥਾਨ 'ਤੇ ਹੈ, ਜਦੋਂ ਕਿ ਦਰਸ਼ਨਾ ਰਾਠੌਰ 89 ਅੰਕਾਂ ਨਾਲ 18ਵੇਂ ਸਥਾਨ 'ਤੇ ਹੈ।
ਪੁਰਸ਼ਾਂ ਵਿੱਚ, ਭਵਤੇਗ ਗਿੱਲ 94 ਅੰਕਾਂ ਨਾਲ 18ਵੇਂ ਸਥਾਨ 'ਤੇ ਹੈ, ਉਸ ਤੋਂ ਬਾਅਦ ਅਨੰਤ ਜੀਤ ਸਿੰਘ ਨਾਰੂਕਾ 93 ਅੰਕਾਂ ਨਾਲ ਅਤੇ ਗੁਰਜੋਤ ਖੰਗੂੜਾ 91 ਅੰਕਾਂ ਨਾਲ ਹਨ। ਫਾਈਨਲ ਈਵੈਂਟ ਤੋਂ ਪਹਿਲਾਂ ਇੱਕ ਹੋਰ ਕੁਆਲੀਫਿਕੇਸ਼ਨ ਰਾਊਂਡ ਬਾਕੀ ਹੈ।
Comments
Start the conversation
Become a member of New India Abroad to start commenting.
Sign Up Now
Already have an account? Login