ਪਟਿਆਲਾ ਜ਼ਿਲ੍ਹਾ ਅਦਾਲਤ ਨੇ 2009 ’ਚ ਰਾਸ਼ਟ੍ਰੀਯ ਸਿੱਖ ਸੰਗਤ ਦੇ ਆਗੂ ਰੁਲਦਾ ਸਿੰਘ ਦੇ ਕਤਲ ਮਾਮਲੇ ਵਿੱਚ ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਗੋਲਡੀ ਨੂੰ ਮੰਗਲਵਾਰ 25 ਮਾਰਚ ਨੂੰ ਬਰੀ ਕਰ ਦਿੱਤਾ ਹੈ। ਤਾਰਾ ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਅਤੇ ਉਹ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਹੈ। ਮੰਗਲਵਾਰ ਨੂੰ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਭਾਰੀ ਸੁਰੱਖਿਆ ਹੇਠ ਤਾਰਾ ਨੂੰ ਪਟਿਆਲਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।
ਇਹ ਫ਼ੈਸਲਾ ਪਟਿਆਲਾ ਦੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਿੰਦਰ ਕੌਰ ਸਿੱਧੂ ਦੀ ਅਦਾਲਤ ਵੱਲੋਂ ਸੁਣਾਇਆ ਗਿਆ ਹੈ। ਤਾਰਾ ਤੇ ਗੋਲਡੀ ਦੀ ਤਰਫੋਂ ਐਡਵੋਕੇਟ ਬਰਜਿੰਦਰ ਸਿੰਘ ਸੋਢੀ ਨੇ ਇਹ ਕੇਸ ਲੜਿਆ।
ਰੁਲਦਾ ਸਿੰਘ ਕਤਲ ਮਾਮਲੇ ਵਿੱਚ ਜਗਤਾਰ ਸਿੰਘ ਤਾਰਾ ਉੱਤੇ ਦੋਸ਼ ਲੱਗੇ ਸਨ ਕਿ ਉਸ ਨੇ ਰਮਨਦੀਪ ਸਿੰਘ ਗੋਲਡੀ ਦੇ ਨਾਲ ਇਸ ਕਤਲ ਦੀ ਸਾਜ਼ਸ਼ ਕੀਤੀ। ਦੋਵਾਂ ਨੂੰ ਬਰੀ ਕਰਦੇ ਹੋਏ ਅਦਾਲਤ ਨੇ ਸਬੂਤਾਂ ਦੀ ਘਾਟ ਦਾ ਹਵਾਲਾ ਦਿੱਤਾ।
ਤਾਰਾ ਦੇ ਵਕੀਲ ਐਡਵੋਕੇਟ ਬਰਜਿੰਦਰ ਸਿੰਘ ਸੋਢੀ ਨੇ ਕਿਹਾ ਕਿ ਅਦਾਲਤ ਜਗਤਾਰ ਸਿੰਘ ਤਾਰਾ ਤੇ ਰਮਨਦੀਪ ਸਿੰਘ ਗੋਲਡੀ ਨੂੰ ਬਰੀ ਕਰ ਦਿੱਤਾ ਹੈ ਕਿਉਂਕਿ ਪੰਜਾਬ ਪੁਲਿਸ ਕੋਈ ਵੀ ਅਜਿਹਾ ਸਬੂਤ ਪੇਸ਼ ਨਹੀਂ ਕਰ ਸਕੀ ਜਿਸ ਨਾਲ ਇਨ੍ਹਾਂ ਦੋਵਾਂ ਦੀ ਕੜੀ ਰੁਲਦਾ ਸਿੰਘ ਕਤਲ ਮਾਮਲੇ ਨਾਲ ਜੁੜਦੀ ਹੋਵੇ।
ਜ਼ਿਕਰਯੋਗ ਹੈ ਕਿ ਰਾਸ਼ਟ੍ਰੀਯ ਸਿੱਖ ਸੰਗਤ ਦੇ ਆਗੂ ਰੁਲਦਾ ਸਿੰਘ ਨੂੰ 28 ਜੁਲਾਈ 2009 ਨੂੰ ਪਟਿਆਲਾ ਵਿਖੇ ਉਸ ਦੇ ਘਰ ਦੇ ਬਾਹਰ ਉਦੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੀ ਗੱਡੀ ਵਿੱਚੋਂ ਬਾਹਰ ਨਿਕਲ ਰਿਹਾ ਸੀ। ਉਸ ਨੂੰ ਤੁਰੰਤ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਲਿਜਾਇਆ ਗਿਆ ਅਤੇ ਬਾਅਦ ਵਿੱਚ ਪੀਜੀਆਈ ਚੰਡੀਗੜ੍ਹ ਵਿਖੇ ਉਸ ਦੀ 15 ਅਗਸਤ 2009 ਨੂੰ ਮੌਤ ਹੋ ਗਈ ਸੀ।
ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਦੋਸ਼ ਲਗਾਇਆ ਸੀ ਕਿ ਤਾਰਾ ਤੇ ਗੋਲਡੀ ਨੇ ਰੁਲਦਾ ਸਿੰਘ ਨੂੰ ਕਤਲ ਕਰਨ ਦੀ ਸਾਜ਼ਸ਼ ਕੀਤੀ। ਹਾਲਾਂਕਿ ਅਦਾਲਤ ਨੇ ਮੰਨਿਆ ਕਿ ਪੁਲਿਸ ਅਜਿਹਾ ਕੋਈ ਵੀ ਘਟਨਾ ਨਾਲ ਸਬੰਧਤ ਸਬੂਤ ਪੇਸ਼ ਨਹੀਂ ਕਰ ਸਕੀ ਜਿਸ ਨਾਲ ਦੋਵਾਂ ਦੀ ਇਸ ਕਤਲ ਮਾਮਲੇ ਵਿੱਚ ਸ਼ਮੂਲੀਅਤ ਸਾਹਮਣੇ ਆਉਂਦੀ ਹੋਵੇ।
ਅਦਾਲਤ ਦੇ ਫੈਸਲੇ ਤੋਂ ਬਾਅਦ, ਗੋਲਡੀ ਨੇ ਕਿਹਾ ਕਿ ਸੱਚ ਦੀ ਜਿੱਤ ਹੋਈ ਹੈ ਅਤੇ ਪੁਲਿਸ ਸਾਡੇ ਖਿਲਾਫ਼ ਕਿਸੇ ਵੀ ਤਰ੍ਹਾਂ ਦਾ ਸਬੂਤ ਪੇਸ਼ ਕਰਨ ਵਿੱਚ ਫੇਲ੍ਹ ਹੋਈ ਹੈ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਾਨੂੰ ਇਸ ਮਾਮਲੇ ਵਿੱਚ ਝੂਠਾ ਫਸਾਇਆ ਗਿਆ ਸੀ। ਇਸ ਮਾਮਲੇ ਵਿੱਚ ਇਸ ਤੋਂ ਪਹਿਲਾਂ ਅਦਾਲਤ ਵੱਲੋਂ ਫ਼ਰਵਰੀ 2015 ਵਿੱਚ ਜਗਮੋਹਨ ਸਿੰਘ ਬਸੀ, ਦਲਜੀਤ ਸਿੰਘ ਮੰਬਈ, ਅਮਰਜੀਤ ਸਿੰਘ ਚੰਡੀਗੜ੍ਹ, ਗੁਰਜੰਟ ਸਿੰਘ ਖੇੜੀ ਤੇ ਦਰਸ਼ਨ ਸਿੰਘ ਮੁਕਾਰੋਂਪੁਰ ਨੂੰ ਵੀ ਸਬੂਤਾਂ ਦੀ ਘਾਟ ਦੇ ਕਾਰਨ ਬਰੀ ਕੀਤਾ ਜਾ ਚੁੱਕਾ ਹੈ। ਇਸ ਕੇਸ ਵਿੱਚ ਹੁਣ ਤੱਕ ਸੱਤ ਜਣੇ ਬਰੀ ਹੋ ਚੁੱਕੇ ਹਨ।
Comments
Start the conversation
Become a member of New India Abroad to start commenting.
Sign Up Now
Already have an account? Login