ਭਾਰਤ ਅਤੇ ਈਰਾਨ ਵਿਚਾਲੇ ਚਾਬਹਾਰ ਬੰਦਰਗਾਹ ਡੀਲ ਤੋਂ ਬਾਅਦ ਅਮਰੀਕਾ ਨੇ ਚੇਤਾਵਨੀ ਦਿੱਤੀ ਹੈ। ਅਮਰੀਕਾ ਨੇ ਕਿਹਾ ਹੈ ਕਿ ਈਰਾਨ ਨਾਲ ਵਪਾਰ ਕਰਨ ਕਾਰਨ ਭਾਰਤ 'ਤੇ ਪਾਬੰਦੀਆਂ ਦਾ ਖਤਰਾ ਹੋਵੇਗਾ। ਜਾਣਕਾਰੀ ਦੇ ਮੁਤਾਬਿਕ ਇੱਕ ਪ੍ਰੈੱਸ ਬ੍ਰੀਫਿੰਗ ਦੌਰਾਨ ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵੇਦਾਂਤ ਪੇਟਲ ਤੋਂ ਚਾਬਹਾਰ ਬੰਦਰਗਾਹ ਸੌਦੇ 'ਤੇ ਸਵਾਲ ਕੀਤੇ ਗਏ ਸਨ।
ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪਟੇਲ ਨੇ ਕਿਹਾ, "ਸਾਨੂੰ ਸੂਚਨਾ ਮਿਲੀ ਹੈ ਕਿ ਇਰਾਨ ਅਤੇ ਭਾਰਤ ਨੇ ਚਾਬਹਾਰ ਬੰਦਰਗਾਹ ਨਾਲ ਸਬੰਧਤ ਇਕ ਸਮਝੌਤੇ 'ਤੇ ਦਸਤਖਤ ਕੀਤੇ ਹਨ। ਭਾਰਤ ਵਿਦੇਸ਼ ਨੀਤੀਆਂ ਅਤੇ ਦੂਜੇ ਦੇਸ਼ਾਂ ਨਾਲ ਆਪਣੇ ਸਬੰਧਾਂ ਬਾਰੇ ਆਪਣੇ ਫੈਸਲੇ ਖੁਦ ਲਵੇਗਾ, ਪਾਰ ਜਿਹੜਾ ਵੀ ਦੇਸ਼ ਈਰਾਨ ਨਾਲ ਵਪਾਰ ਕਰਦਾ ਹੈ , ਉਸ ਦੇ ਉਤੇ ਪਾਬੰਦੀ ਲੱਗਣ ਦਾ ਖ਼ਤਰਾ ਬਣਿਆ ਰਹੇਗਾ।"
ਭਾਰਤ ਨੇ ਸੋਮਵਾਰ ਨੂੰ ਈਰਾਨ ਦੇ ਚਾਬਹਾਰ ਸਥਿਤ ਸ਼ਾਹਿਦ ਬੇਹਸ਼ਤੀ ਬੰਦਰਗਾਹ ਨੂੰ 10 ਸਾਲਾਂ ਲਈ ਲੀਜ਼ 'ਤੇ ਲੈਣ ਲਈ ਇਕ ਸਮਝੌਤੇ 'ਤੇ ਦਸਤਖਤ ਕੀਤੇ ਹਨ । ਇਸ ਸਮਝੌਤੇ ਲਈ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੂੰ ਭਾਰਤ ਤੋਂ ਈਰਾਨ ਭੇਜਿਆ ਗਿਆ ਸੀ। ਭਾਰਤ ਅਤੇ ਈਰਾਨ ਦੋ ਦਹਾਕਿਆਂ ਤੋਂ ਚਾਬਹਾਰ 'ਤੇ ਕੰਮ ਕਰ ਰਹੇ ਹਨ। ਹੁਣ ਬੰਦਰਗਾਹ ਦਾ ਸਾਰਾ ਪ੍ਰਬੰਧ ਭਾਰਤ ਕੋਲ ਹੋਵੇਗਾ।
ਚਾਬਹਾਰ ਬੰਦਰਗਾਹ ਰਾਹੀਂ ਭਾਰਤ ਨੂੰ ਅਫਗਾਨਿਸਤਾਨ ਅਤੇ ਮੱਧ ਏਸ਼ੀਆ ਨਾਲ ਵਪਾਰ ਲਈ ਨਵਾਂ ਰਸਤਾ ਮਿਲੇਗਾ। ਇਸ ਨਾਲ ਪਾਕਿਸਤਾਨ ਦੀ ਲੋੜ ਵੀ ਖ਼ਤਮ ਹੋ ਜਾਵੇਗੀ। ਇਕ ਤਰ੍ਹਾਂ ਨਾਲ ਇਹ ਬੰਦਰਗਾਹ ਭਾਰਤ ਅਤੇ ਅਫਗਾਨਿਸਤਾਨ ਨੂੰ ਵਪਾਰ ਲਈ ਬਦਲਵਾਂ ਰਸਤਾ ਪ੍ਰਦਾਨ ਕਰੇਗੀ।
ਸੌਦੇ ਦੇ ਤਹਿਤ, ਭਾਰਤੀ ਕੰਪਨੀ ਇੰਡੀਆ ਪੋਰਟਸ ਗਲੋਬਲ ਲਿਮਿਟੇਡ (IPGL) ਚਾਬਹਾਰ ਬੰਦਰਗਾਹ ਵਿੱਚ $ 120 ਮਿਲੀਅਨ ਦਾ ਨਿਵੇਸ਼ ਕਰੇਗੀ। ਇਸ ਨਿਵੇਸ਼ ਤੋਂ ਇਲਾਵਾ $250 ਮਿਲੀਅਨ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਨਾਲ ਇਹ ਸਮਝੌਤਾ ਲਗਭਗ 370 ਮਿਲੀਅਨ ਡਾਲਰ ਦਾ ਹੋਵੇਗਾ।
ਚਾਬਹਾਰ ਬੰਦਰਗਾਹ ਕੀ ਹੈ ਅਤੇ ਇਹ ਭਾਰਤ ਲਈ ਮਹੱਤਵਪੂਰਨ ਕਿਉਂ ਹੈ?
ਭਾਰਤ ਦੁਨੀਆ ਭਰ ਵਿੱਚ ਆਪਣਾ ਵਪਾਰ ਵਧਾਉਣਾ ਚਾਹੁੰਦਾ ਹੈ। ਚਾਬਹਾਰ ਬੰਦਰਗਾਹ ਇਸ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਭਾਰਤ ਇਸ ਬੰਦਰਗਾਹ ਦੀ ਮਦਦ ਨਾਲ ਈਰਾਨ, ਅਫਗਾਨਿਸਤਾਨ, ਅਰਮੇਨੀਆ, ਅਜ਼ਰਬਾਈਜਾਨ, ਰੂਸ, ਮੱਧ ਏਸ਼ੀਆ ਅਤੇ ਯੂਰਪ ਨਾਲ ਸਿੱਧਾ ਵਪਾਰ ਕਰ ਸਕਦਾ ਹੈ। ਈਰਾਨ ਅਤੇ ਭਾਰਤ ਨੇ 2018 ਵਿੱਚ ਚਾਬਹਾਰ ਬੰਦਰਗਾਹ ਬਣਾਉਣ ਲਈ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਸਨ।
ਪਹਿਲਾਂ ਭਾਰਤ ਤੋਂ ਕੋਈ ਵੀ ਮਾਲ ਅਫਗਾਨਿਸਤਾਨ ਭੇਜਣ ਲਈ ਪਾਕਿਸਤਾਨ ਤੋਂ ਹੋ ਕੇ ਲੰਘਣਾ ਪੈਂਦਾ ਸੀ। ਹਾਲਾਂਕਿ ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਕਾਰਨ ਭਾਰਤ ਪਾਕਿਸਤਾਨ ਤੋਂ ਇਲਾਵਾ ਕੋਈ ਹੋਰ ਵਿਕਲਪ ਲੱਭ ਰਿਹਾ ਸੀ।
ਚਾਬਹਾਰ ਬੰਦਰਗਾਹ ਦੇ ਵਿਕਾਸ ਤੋਂ ਬਾਅਦ, ਇਹ ਅਫਗਾਨਿਸਤਾਨ ਨੂੰ ਮਾਲ ਭੇਜਣ ਲਈ ਸਭ ਤੋਂ ਵਧੀਆ ਰਸਤਾ ਹੈ। ਭਾਰਤ ਇਸ ਰਸਤੇ ਤੋਂ ਅਫਗਾਨਿਸਤਾਨ ਨੂੰ ਵੀ ਕਣਕ ਭੇਜ ਰਿਹਾ ਹੈ। ਅਫਗਾਨਿਸਤਾਨ ਤੋਂ ਇਲਾਵਾ ਇਹ ਬੰਦਰਗਾਹ ਭਾਰਤ ਲਈ ਮੱਧ ਏਸ਼ੀਆਈ ਦੇਸ਼ਾਂ ਲਈ ਵੀ ਰਸਤੇ ਖੋਲ੍ਹੇਗੀ। ਇਨ੍ਹਾਂ ਦੇਸ਼ਾਂ ਤੋਂ ਗੈਸ ਅਤੇ ਤੇਲ ਵੀ ਇਸ ਬੰਦਰਗਾਹ ਰਾਹੀਂ ਲਿਆਂਦਾ ਜਾ ਸਕਦਾ ਹੈ।
ਚਾਬਹਾਰ ਨੂੰ ਪਾਕਿਸਤਾਨ ਦੀ ਗਵਾਦਰ ਬੰਦਰਗਾਹ ਦੇ ਮੁਕਾਬਲੇ ਭਾਰਤ ਦੀ ਰਣਨੀਤਕ ਬੰਦਰਗਾਹ ਵਜੋਂ ਦੇਖਿਆ ਜਾ ਰਿਹਾ ਹੈ। ਚੀਨ ਗਵਾਦਰ ਨੂੰ ਬੇਲਟ ਐਂਡ ਰੋਡ ਪ੍ਰੋਜੈਕਟ ਦੇ ਤਹਿਤ ਵਿਕਸਿਤ ਕਰ ਰਿਹਾ ਹੈ। ਭਾਰਤ ਇਸ ਬੰਦਰਗਾਹ ਰਾਹੀਂ ਚੀਨ ਅਤੇ ਪਾਕਿਸਤਾਨ 'ਤੇ ਵੀ ਨਜ਼ਰ ਰੱਖ ਸਕੇਗਾ।
ਰਿਪੋਰਟਾਂ ਮੁਤਾਬਕ ਅਮਰੀਕਾ ਨੇ ਈਰਾਨ 'ਤੇ ਲਗਭਗ ਸਾਰੀਆਂ ਵਪਾਰਕ ਪਾਬੰਦੀਆਂ ਲਗਾ ਰੱਖੀਆਂ ਹਨ। ਅਮਰੀਕੀ ਸਰਕਾਰ ਨੇ ਦੇਸ਼ ਵਿਚ ਈਰਾਨ ਦੀਆਂ ਸਾਰੀਆਂ ਜਾਇਦਾਦਾਂ 'ਤੇ ਵੀ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਸਹਿਯੋਗੀ ਦੇਸ਼ਾਂ ਨੂੰ ਈਰਾਨ ਦੀ ਮਦਦ ਕਰਨ ਅਤੇ ਹਥਿਆਰ ਵੇਚਣ ਤੋਂ ਵੀ ਰੋਕ ਦਿੱਤਾ ਹੈ।
ਅਮਰੀਕਾ ਨੇ ਇਹ ਪਾਬੰਦੀਆਂ ਈਰਾਨ ਦੇ ਪਰਮਾਣੂ ਪ੍ਰੋਗਰਾਮ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਅੱਤਵਾਦੀ ਸੰਗਠਨਾਂ ਨੂੰ ਸਮਰਥਨ ਦੇਣ ਕਾਰਨ ਲਗਾਈਆਂ ਹਨ। ਇਸ ਦੇ ਨਾਲ ਹੀ ਈਰਾਨ ਉਹ ਦੇਸ਼ ਹੈ ਜਿਸ 'ਤੇ ਅਮਰੀਕਾ ਨੇ ਸਭ ਤੋਂ ਜ਼ਿਆਦਾ ਪਾਬੰਦੀਆਂ ਲਗਾਈਆਂ ਹਨ, ਪਿਛਲੇ ਮਹੀਨੇ ਈਰਾਨ ਨੇ ਇਜ਼ਰਾਈਲ 'ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਅਮਰੀਕਾ ਨੇ ਉਸ 'ਤੇ ਨਵੀਆਂ ਪਾਬੰਦੀਆਂ ਲਗਾਈਆਂ ਸਨ। ਅਮਰੀਕਾ ਨੇ ਈਰਾਨੀ ਰੈਵੋਲਿਊਸ਼ਨਰੀ ਗਾਰਡ ਕੋਰ, ਈਰਾਨੀ ਰੱਖਿਆ ਮੰਤਰਾਲੇ ਅਤੇ ਈਰਾਨੀ ਸ਼ਾਸਨ ਨਾਲ ਜੁੜੀਆਂ ਮਿਜ਼ਾਈਲ ਅਤੇ ਡਰੋਨ ਉਤਪਾਦਨ ਕੰਪਨੀਆਂ ਦੇ ਖਿਲਾਫ ਕਾਰਵਾਈ ਕੀਤੀ ਸੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login