ਜ਼ੋਹੋ ਕਾਰਪੋਰੇਸ਼ਨ ਦੇ ਸੀਈਓ ਸ਼੍ਰੀਧਰ ਵੈਂਬੂ ਨੇ ਵਧਦੀ ਚਿੰਤਾ ਜ਼ਾਹਰ ਕੀਤੀ ਹੈ ਕਿ ਭਾਰਤੀ-ਅਮਰੀਕੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਪੇਸ਼ੇਵਰ ਹੁਣ ਤੇਜ਼ੀ ਨਾਲ ਵੱਡੀਆਂ ਵਿੱਤੀ ਨੌਕਰੀਆਂ ਵੱਲ ਵਧ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਰੁਝਾਨ ਭਵਿੱਖ ਵਿੱਚ ਨੁਕਸਾਨਦੇਹ ਸਾਬਤ ਹੋ ਸਕਦਾ ਹੈ।
ਵੈਂਬੂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ "ਭਾਰਤੀ-ਅਮਰੀਕੀ ਬੱਚੇ ਜਿਨ੍ਹਾਂ ਦੇ ਮਾਤਾ-ਪਿਤਾ ਇੰਜੀਨੀਅਰਿੰਗ ਜਾਂ ਤਕਨਾਲੋਜੀ ਦੇ ਖੇਤਰਾਂ ਵਿੱਚ ਕੰਮ ਕਰ ਰਹੇ ਹਨ, ਹੁਣ ਉੱਚ ਵਿੱਤ ਵੱਲ ਮੁੜ ਰਹੇ ਹਨ।"
ਉਨ੍ਹਾਂ ਕਿਹਾ ਕਿ ਇਹ ਬਦਲਾਅ ਖਾਸ ਕਰਕੇ ਨੌਜਵਾਨ ਭਾਰਤੀ-ਅਮਰੀਕੀਆਂ ਵਿੱਚ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਉਨ੍ਹਾਂ ਨੇ ਇਸ ਨੂੰ ਚਿੰਤਾਜਨਕ ਦੱਸਿਆ। ਉਹਨਾਂ ਨੇ ਕਿਹਾ , "ਸਾਨੂੰ ਆਪਣੀ ਪ੍ਰਤਿਭਾ ਦੀ ਵਰਤੋਂ ਮੁਸ਼ਕਲ ਇੰਜੀਨੀਅਰਿੰਗ ਅਤੇ ਤਕਨਾਲੋਜੀ ਸਮੱਸਿਆਵਾਂ ਨੂੰ ਹੱਲ ਕਰਨ, ਸ਼ਹਿਰੀ ਅਤੇ ਪੇਂਡੂ ਖੇਤਰਾਂ ਅਤੇ ਸਿਹਤ ਸੰਭਾਲ ਵਰਗੇ ਮਹੱਤਵਪੂਰਨ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਕਰਨੀ ਚਾਹੀਦੀ ਹੈ।"
ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਸ੍ਰੀਧਰ ਵੈਂਬੂ ਨੇ ਕਿਹਾ ਕਿ ਜਦੋਂ ਉਹਨਾਂ ਨੇ 1994 ਵਿੱਚ ਪ੍ਰਿੰਸਟਨ ਯੂਨੀਵਰਸਿਟੀ ਤੋਂ ਪੀਐਚਡੀ ਪੂਰੀ ਕੀਤੀ ਤਾਂ ਉਹਨਾਂ ਨੂੰ ਵਾਲ ਸਟਰੀਟ ਵਿੱਚ ਕੰਮ ਕਰਨ ਦਾ ਸੁਝਾਅ ਮਿਲਿਆ। ਪਰ ਉਹਨਾਂ ਨੇ ਇਸਨੂੰ ਠੁਕਰਾ ਦਿੱਤਾ ਅਤੇ ਕੁਆਲਕਾਮ ਵਿੱਚ ਇੱਕ ਘੱਟ ਤਨਖਾਹ ਵਾਲੀ ਇੰਜੀਨੀਅਰਿੰਗ ਨੌਕਰੀ ਦੀ ਚੋਣ ਕੀਤੀ।
ਉਹਨਾਂ ਨੇ ਕਿਹਾ, "ਸਿਲਿਕਨ ਵੈਲੀ ਦੇ ਇੱਕ ਸਾਬਕਾ ਇੰਜੀਨੀਅਰ, ਜੋ ਵਾਲ ਸਟਰੀਟ 'ਤੇ ਕੰਮ ਕਰ ਰਹੇ ਸਨ, ਉਹਨਾਂ ਨੇ ਮੈਨੂੰ ਵੀ ਆਪਣੇ ਨਾਲ ਕੰਮ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਪਰ ਮੈਂ ਇੰਜੀਨੀਅਰਿੰਗ ਨੂੰ ਚੁਣਿਆ।"
ਵੈਂਬੂ ਨੇ ਚੇਤਾਵਨੀ ਦਿੱਤੀ ਕਿ ,"ਪੈਸੇ ਤੋਂ ਪੈਸਾ ਕਮਾਉਣਾ ਆਸਾਨ ਲੱਗਦਾ ਹੈ, ਪਰ ਜੇਕਰ ਕਿਸੇ ਦੇਸ਼ ਦੀ ਆਰਥਿਕਤਾ ਵਿੱਤੀ ਖੇਤਰ 'ਤੇ ਪੂਰੀ ਤਰ੍ਹਾਂ ਨਿਰਭਰ ਹੈ, ਤਾਂ ਇਹ ਸਮਾਜ ਲਈ ਖ਼ਤਰਨਾਕ ਹੋ ਸਕਦਾ ਹੈ। ਇਹ ਇੱਕ ਸਦੀਆਂ ਪੁਰਾਣੀ ਸਿਆਣਪ ਹੈ ਜਿਸ ਨੂੰ ਸਾਨੂੰ ਅਪਣਾਉਣਾ ਚਾਹੀਦਾ ਹੈ।"
IIT ਮਦਰਾਸ ਅਤੇ ਪ੍ਰਿੰਸਟਨ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸ਼੍ਰੀਧਰ ਵੈਂਬੂ, ਸਵਦੇਸ਼ੀ ਤਕਨਾਲੋਜੀ ਅਤੇ ਪੇਂਡੂ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਜਾਣੇ ਜਾਂਦੇ ਹਨ। ਉਹਨਾਂ ਨੂੰ 2021 ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
Comments
Start the conversation
Become a member of New India Abroad to start commenting.
Sign Up Now
Already have an account? Login